ਪਲਾਸਟਿਕ ਦੇ ਲਿਫ਼ਾਫ਼ੇ ਵਰਤਣ ਤੋਂ ਕੀਤਾ ਜਾਵੇ ਪ੍ਰਹੇਜ਼
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ, 9 ਜੁਲਾਈ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਅੰਦਰ ਪਾਣੀ ਦੇ ਸੋਮਿਆਂ ਦੀ ਸੰਭਾਲ ਕਰਨ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੀ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਦੀਪ ਸਿੰਘ ਨਗਰ ਅਤੇ ਭਾਈ ਮਤੀ ਦਾਸ ਨਗਰ ਦੇ ਵਸਨੀਕਾਂ ਨੂੰ ਸਫ਼ਾਈ ਪ੍ਰਤੀ ਪ੍ਰੇਰਿਤ
ਇਸ ਤਹਿਤ ਪ੍ਰੋਗਰਾਮ ਦੇ ਸ਼ਹਿਰੀ ਕੋਆਰਡੀਨੇਟਰ ਐਡਵੋਕੇਟ ਵਨਸ਼ਤਾ ਦੀ ਯੋਗ ਅਗਵਾਈ ਹੇਠ ਬਾਬਾ ਦੀਪ ਸਿੰਘ ਨਗਰ ਅਤੇ ਭਾਈ ਮਤੀ ਦਾਸ ਨਗਰ ਦੇ ਵਸਨੀਕਾਂ ਨੂੰ ਪਾਣੀ ਦੀ ਸਾਂਭ ਸੰਭਾਲ ਤੇ ਸਫ਼ਾਈ ਰੱਖਣ ਦੇ ਨਾਲ ਨਾਲ ਗਿੱਲੇ ਅਤੇ ਸੁੱਕੇ ਕੂੜੇ ਦੇ ਨਿਪਟਾਰੇ ਬਾਰੇ ਜਾਣੂ ਕਰਵਾਇਆ ਗਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼ਹਿਰੀ ਕੁਆਰਡੀਨੇਟਰ ਐਡਵੋਕੇਟ ਵਨਸ਼ਤਾ ਪੁਰੀ ਨੇ ਦੱਸਿਆ ਕਿ ਮੁਹਿੰਮ ਦੌਰਾਨ ਮੋਟੀਵੇਟਰਾਂ ਵਲੋਂ ਖ਼ਾਸ ਕਰਕੇ ਮਹਿਲਾਵਾਂ ਨੂੰ ਘਰ ਦੀ ਰਸੋਈ ਵਿਚਲੇ ਗਿੱਲੇ ਅਤੇ ਘਰ ਦੇ ਬਾਕੀ ਸੁੱਕੇ ਕੂੜੇ ਨੂੰ ਵੱਖ-ਵੱਖ ਕੂੜੇਦਾਨਾਂ ਵਿੱਚ ਰੱਖਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਗਿੱਲੇ ਅਤੇ ਸੁੱਕੇ ਕੂੜੇ ਨੂੰ ਦੁਬਾਰਾ ਵਰਤੋਂ ਵਿਚ ਲਿਆ ਕੇ ਇਸ ਦਾ ਸਹੀ ਨਿਪਟਾਰਾ ਕਰਕੇ ਸ਼ਹਿਰ ਨੂੰ ਗੰਦਗੀ ਮੁਕਤ ਕੀਤਾ ਜਾ ਸਕੇ।
ਇਸ ਮੁਹਿੰਮ ਦੌਰਾਨ ਲੋਕਾਂ ਨੂੰ ਨੁੱਕੜ ਮੀਟਿੰਗਾਂ ਕਰਕੇ ਆਪੋ-ਆਪਣੇ ਘਰਾਂ, ਗਲੀਆਂ-ਨਾਲੀਆਂ ਅਤੇ ਆਸ-ਪਾਸ ਚੌਗਿਰਦੇ ਨੂੰ ਸਾਫ਼ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਬਜਾਏ ਕਾਗ਼ਜ ਅਤੇ ਕੱਪੜੇ ਦੇ ਬਣੇ ਬੈਗਾਂ ਦੀ ਵਰਤੋਂ ਕਰਨ ਨੂੰ ਪਹਿਲ ਦਿੱਤੀ ਜਾਵੇ।
ਇਸ ਮੌਕੇ ਸੈਨਟਰੀ ਸੁਪਰਵਾਈਜ਼ਰ ਸਤੀਸ਼ ਕੁਮਾਰ, ਕਰਨ ਕੁਮਾਰ ਤੋਂ ਇਲਾਵਾ ਮੋਟੀਵੇਟਰ ਲੋਕਪਾਲ ਤੇ ਰਿੰਕੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।



