ਡਿਪਟੀ ਕਮਿਸ਼ਨਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ, ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ

ਕਿਹਾ, ਖੇਤੀਬਾੜੀ ਵਿਭਾਗ ਦੀਆਂ 9 ਡੀ.ਐਸ.ਆਰ ਮਸ਼ੀਨਾਂ ਰਾਹੀਂ ਮੁਫਤ ਕੀਤੀ ਜਾ ਰਹੀ ਹੈ ਝੋਨੇ ਦੀ ਸਿੱਧੀ ਬਿਜਾਈ

ਕਿਸਾਨਾਂ ਨੂੰ ਪਾਣੀ ਦੀ ਬੱਚਤ ਕਰਨ ਲਈ ਆਧੁਨਿਕ ਖੇਤੀ ਦਾ ਰਾਹ ਅਪਣਾਉਣ ‘ਤੇ ਦਿੱਤਾ ਜ਼ੋਰ

ਜ਼ਿਲੇ ‘ਚ ਇਸ ਸਾਲ ਮੱਕੀ ਦਾ 10 ਹਜ਼ਾਰ ਹੈਕਟੇਅਰ ਰਕਬਾ ਵਧਣਾ ਇਕ ਚੰਗਾ ਸੰਕੇਤ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਹੁਸ਼ਿਆਰਪੁਰ, 19 ਜੁਲਾਈ : ਜ਼ਿਲੇ ਦੇ ਅਗਾਂਹਵਧੂ ਕਿਸਾਨਾਂ ਵਲੋਂ ਪਾਣੀ ਦੀ ਬੱਚਤ ਕਰਦਿਆਂ 864 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕਰ ਲਈ ਗਈ ਹੈ, ਜੋ ਪਾਣੀ ਦੀ ਸੰਭਾਲ ਲਈ ਚੁੱਕਿਆ ਇਕ ਅਹਿਮ ਕਦਮ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕਰਕੇ ਅਗਾਂਹਵਧੂ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾ ਰਹੀ ਹੈ, ਤਾਂ ਜੋ ਕਿਸਾਨ ਜਾਗਰੂਕ ਹੋ ਕੇ ਜਿੱਥੇ ਪਾਣੀ ਦੀ ਬੱਚਤ ਲਈ ਅੱਗੇ ਆਉਣ, ਉਥੇ ਫਸਲੀ ਚੱਕਰ ਵਿਚੋਂ ਨਿਕਲਕੇ ਬਦਲਵੀਂ ਖੇਤੀ ਦੇ ਰਾਹ ਵੀ ਪੈਣ।

ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਪਿੰਡ ਕਾਣੇ ਵਿਖੇ ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਵਲੋਂ ਕੀਤੀ ਗਈ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਕਰਦਿਆਂ ਕਿਹਾ ਕਿ ਪਾਣੀ ਦੀ ਬੱਚਤ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨਾਂ ਇਸ ਅਗਾਂਹਵਧੂ ਕਿਸਾਨ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਝੋਨਾ ਪੈਦਾ ਕਰਨ ਵਾਲੇ ਜ਼ਿਲੇ ਦੇ ਬਾਕੀ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ, ਕਿਉਂਕਿ ਸਿੱਧੀ ਬਿਜਾਈ ਨਾਲ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਅਤੇ ਝਾੜ ਵੀ ਵੱਧਦਾ ਹੈ। ਫਸਲ ਵੀ ਜਲਦੀ ਤਿਆਰ ਹੋ ਜਾਂਦੀ ਹੈ ਅਤੇ ਇਕ ਏਕੜ ਵਿਚੋਂ 30 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

ਉਨਾਂ ਕਿਹਾ ਕਿ ਝੋਨੇ ਦੀ ਆਮ ਬਿਜਾਈ ਲਈ ਇਕ ਏਕੜ ਵਿਚ 65 ਸੈਂਟੀਮੀਟਰ ਪਾਣੀ ਦੀ ਲੋੜ ਪੈਂਦੀ ਹੈ, ਜਦਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਕੇਵਲ 35 ਸੈਂਟੀਮੀਟਰ ਪਾਣੀ ਦੀ ਲੋੜ ਹੈ। ਇਸ ਤੋਂ ਇਲਾਵਾ ਖੇਤੀ ਖਰਚੇ ਵੀ ਘੱਟਦੇ ਹਨ, ਜਿਸ ਨਾਲ ਕਿਸਾਨ ਆਰਥਿਕ ਤੌਰ ‘ਤੇ ਹੋਰ ਮਜ਼ਬੂਤ ਹੋ ਸਕਦਾ ਹੈ।

ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲੇ ਦੇ ਅਗਾਂਵਧੂ ਕਿਸਾਨਾਂ ਵਲੋਂ 864 ਏਕੜ ਝੋਨੇ ਦੀ ਸਿੱਧੀ ਬਿਜਾਈ ਕਰ ਲਈ ਗਈ ਹੈ। ਉਨਾਂ ਕਿਹਾ ਕਿ ਇਹ ਬਿਜਾਈ ਡੀ.ਐਸ.ਆਰ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ ਅਤੇ ਜ਼ਿਲੇ ਦੇ ਖੇਤੀਬਾੜੀ ਵਿਭਾਗ ਕੋਲ 9 ਮਸ਼ੀਨਾਂ ਉਪਲਬੱਧ ਹਨ, ਜਿਨਾਂ ਰਾਹੀਂ ਹਰ ਬਲਾਕ ਵਿਚ ਚਾਹਵਾਨ ਕਿਸਾਨਾਂ ਦੇ ਖੇਤਾਂ ਵਿਚ ਮੁਫ਼ਤ ਬਿਜਾਈ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਦੀ ਲਾਗਤ ਵਾਲੀਆਂ ਇਹ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਇਕ ਡੀ.ਐਸ.ਆਰ ਦੀ ਕੀਮਤ 55 ਹਜ਼ਾਰ ਰੁਪਏ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਮੱਕੀ ਦਾ ਰਕਬਾ ਵੀ ਹੁਣ ਤੱਕ 10 ਹਜ਼ਾਰ ਹੈਕਟੇਅਰ ਵੱਧ ਚੁੱਕਾ ਹੈ। ਉਨਾਂ ਕਿਹਾ ਕਿ ਪਿਛਲੇ ਸਾਲ 55 ਹਜ਼ਾਰ ਹੈਕਟੇਅਰ ਮੱਕੀ ਦਾ ਰਕਬਾ ਸੀ, ਜਦਕਿ ਇਸ ਸਾਲ 65 ਹਜ਼ਾਰ ਹੈਕਟੇਅਰ ਮੱਕੀ ਦੀ ਬਿਜਾਈ ਹੋ ਚੁੱਕੀ ਹੈ। ਉਨਾਂ ਆਸ ਪ੍ਰਗਟਾਈ ਕਿ ਇਹ ਰਕਬਾ 85 ਹਜ਼ਾਰ ਹੈਕਟੇਅਰ ਤੱਕ ਪਹੰਚ ਸਕਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਣੀ ਦੀ ਬੱਚਤ ਨੂੰ ਪਹਿਲ ਦੇਣ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਖੇਤੀ ਕਰਨ। ਉਨਾਂ ਫਸਲੀ ਚੱਕਰ ਵਿਚੋਂ ਨਿਕਲ ਕੇ ਬਦਲਵੀਂ ਖੇਤੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਆਪਣੀ ਆਰਥਿਕ ਸਥਿਤੀ ਹੋਰ ਮਜ਼ਬੂਤ ਕਰਨ ਲਈ ਸਹਾਇਕ ਧੰਦੇ ਵੀ ਅਪਣਾਉਣ।

ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ-1 ਬਲਾਕ ਦੇ ਪਿੰਡਾਂ ਪੰਡੋਰੀ ਫੰਗੁੜੇ, ਕਾਣੇ, ਸੰਧਰਾਂ ਸੋਡੀਆਂ, ਆਲੋਵਾਲ, ਸ਼ਾਮ ਚੁਰਾਸੀ, ਢੋਡੋ ਮਾਜਰਾ ਅਤੇ ਬੈਂਸ ਖੁਰਦ ਤੋਂ ਇਲਾਵਾ ਹੋਰ ਪਿੰਡਾਂ ਦੇ ਕਿਸਾਨਾਂ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਯਤਨਾਂ ਨਾਲ ਆਧੁਨਿਕ ਤਕਨੀਕ ਨੂੰ ਅਪਣਾ ਕੇ ਜਿੱਥੇ ਖੇਤੀ ਖਰਚਿਆਂ ਨੂੰ ਘਟਾਇਆ ਹੈ, ਉਥੇ ਪਾਣੀ ਦੀ ਬੱਚਤ ਲਈ ਵੀ ਅਹਿਮ ਯੋਗਦਾਨ ਪਾਇਆ ਹੈ।

ਉਨਾਂ ਕਿਹਾ ਕਿ ਡੀ.ਐਸ.ਆਰ ਮਸ਼ੀਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਤੋਂ ਇਲਾਵਾ ਕਿਸਾਨਾਂ ਵਲੋਂ ਬੈਡ ਰਾਹੀਂ (ਕੱਦੂ ਦੀ ਲੋੜ ਨਹੀਂ ਪੈਂਦੀ) ਅਤੇ ਫਰੇਮਾਂ ਵਿਚ ਵੀ ਵਿਸ਼ੇਸ਼ ਮਸ਼ੀਨਾਂ ਨਾਲ 320 ਏਕੜ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਹੈ। ਇਨਾਂ ਤਕਨੀਕਾਂ ਨਾਲ ਵੀ ਪਾਣੀ ਦੀ ਬੱਚਤ ਹੁੰਦੀ ਹੈ।

ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਸਿਮਰਨਜੀਤ ਸਿੰਘ, ਬਲਾਕ ਟੈਕਨਾਲੋਜੀ ਮੈਨੇਜਰ ਕਮਲਜੀਤ ਸਿੰਘ, ਟੈਕਨੀਸ਼ੀਅਨ ਅਵਤਾਰ ਸਿੰਘ, ਸਰਪੰਚ ਅਸ਼ੋਕ ਕੁਮਾਰ, ਅਗਾਂਹਵਧੂ ਕਿਸਾਨ ਸੁਰਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਨਵਦੀਪ ਭੁੱਲਰ, ਦਿਲਬਾਗ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here