ਜ਼ਮੀਨ ਮਾਲਕ ਸੇਵਾ ਲੈਣ ਲਈ ਨਿਰਧਾਰਤ ਪ੍ਰੋਫ਼ਾਰਮਾ ਭਰ ਕੇ ਸੇਵਾ ਤੇ ਫ਼ਰਦ ਕੇਂਦਰਾਂ ਚ ਦਰਜ ਕਰਵਾ ਸਕਦੇ ਹਨ ਵੇਰਵੇ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਫ਼ਾਜ਼ਿਲਕਾ, 19 ਜੁਲਾਈ:

ਜਾਇਦਾਦ ਦੀ ਖ਼ਰੀਦ-ਵੇਚ ਵਿੱਚ ਧੋਖਾਧੜੀ ਅਤੇ ਫ਼ਰਜ਼ੀਵਾੜੇ ਦੇ ਮਾਮਲਿਆਂ ਨੂੰ ਮੁਕੰਮਲ ਤੌਰ ‘ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਪ੍ਰਸ਼ਾਸਨ ਨੇ ਮਾਲ ਰਿਕਾਰਡ ਵਿੱਚ ਮਾਲਕ ਦੇ ਨਿੱਜੀ ਵੇਰਵਾ ਦਰਜ ਕਰਨ ਦੀ ਯੋਜਨਾ ਸੇਵਾ ਅਤੇ ਫ਼ਰਦ ਕੇਂਦਰਾਂ ਰਾਹੀਂ ਸ਼ੁਰੂ ਕੀਤੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜਾਇਦਾਦ ਦੀਆਂ ਕੀਮਤਾਂ ਵੱਧ ਜਾਣ ਕਾਰਨ ਜ਼ਮੀਨ ਦੀ ਖ਼ਰੀਦ-ਵੇਚ ਸਬੰਧੀ ਅਕਸਰ ਹੀ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚ ਅਸਲ ਜ਼ਮੀਨ ਮਾਲਕ ਦੀ ਥਾਂ ਕੋਈ ਹੋਰ ਵਿਅਕਤੀ ਜ਼ਮੀਨ ਦਾ ਸੌਦਾ ਕਰਕੇ ਜ਼ਮੀਨ ਵੇਚ ਦਿੰਦਾ ਹੈ। ਅਜਿਹੀ ਠੱਗੀ ਦਾ ਸ਼ਿਕਾਰ ਜ਼ਿਆਦਾਤਰ ਪ੍ਰਵਾਸੀ ਪੰਜਾਬੀ, ਫ਼ੌਜੀ ਜਵਾਨ ਅਤੇ ਦੂਰ-ਦੁਰਾਡੇ ਰਹਿੰਦੇ ਪਰਿਵਾਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਅਜਿਹੀ ਖ਼ਰੀਦ ਵਿੱਚ ਮਿਲੀਭੁਗਤ ਨਾਲ ਸ਼ਾਮਲ ਵਿਅਕਤੀ ਖ਼ਰੀਦਦਾਰ ਬਣ ਜਾਂਦਾ ਹੈ, ਜਿਸ ਨਾਲ ਲੰਮੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਤੇ ਅਸਲ ਜ਼ਮੀਨ ਮਾਲਕ ਜਾਂ ਖ਼ਰੀਦਦਾਰ ਨੂੰ ਬੇਲੋੜੀ ਮਾਨਸਿਕ ਪ੍ਰੇਸ਼ਾਨੀ ਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਵਰਤਾਰੇ ਨੂੰ ਬੰਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਮਾਲ ਰਿਕਾਰਡ ਵਿੱਚ ਅਸਲ ਜ਼ਮੀਨ ਮਾਲਕ ਦੇ ਚਾਹੁਣ ‘ਤੇ ਉਸ ਦਾ ਟੈਲੀਫ਼ੋਨ ਨੰਬਰ, ਈ-ਮੇਲ ਪਤਾ ਅਤੇ ਆਧਾਰ ਕਾਰਡ ਨੰਬਰ ਦਰਜ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਲੈਣ ਲਈ ਜ਼ਮੀਨ ਮਾਲਕ ਨੂੰ ਨਿਰਧਾਰਤ ਪ੍ਰੋਫ਼ਾਰਮਾ ਲੋੜੀਂਦੇ ਸਬੂਤਾਂ ਸਮੇਤ 1000 ਰੁਪਏ ਫ਼ੀਸ ਨਾਲ ਸੇਵਾ ਕੇਂਦਰ ਜਾਂ ਫ਼ਰਦ ਕੇਂਦਰ ਵਿਖੇ ਜਮ੍ਹਾਂ ਕਰਾਉਣਾ ਹੋਵੇਗਾ ਜਿਸ ਪਿੱਛੋਂ ਉਸ ਦਾ ਕੇਸ ਸਬੰਧਤ ਤਹਿਸੀਲਦਾਰ ਅਤੇ ਅੱਗੇ ਪਟਵਾਰੀ ਨੂੰ ਭੇਜਿਆ ਜਾਵੇਗਾ।

ਪਟਵਾਰੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਦਸਤਾਵੇਜ਼ਾਂ ਦੀ ਪੜਤਾਲ ਕਰਕੇ ਰੋਜ਼ਨਾਮਚੇ ਵਿੱਚ ਅਸਲ ਜ਼ਮੀਨ ਮਾਲਕ ਦੇ ਨਿੱਜੀ ਵੇਰਵੇ ਦਰਜ ਕਰੇਗਾ ਅਤੇ ਇਸ ਦਾ ਹਵਾਲਾ ਜਮ੍ਹਾਂਬੰਦੀ ਵਿੱਚ ਦਰਸਾਏਗਾ।

ਛੱਤਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਸੇਵਾ ਸ਼ੁਰੂ ਕਰਨ ਲਈ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ 7.28 ਵਿੱਚ ਦਰਜ ਉਪਬੰਧ ਵਿੱਚ ਅੰਸ਼ਕ ਸੋਧ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫ਼ਰਜ਼ੀਵਾੜੇ ਅਤੇ ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਚਣ ਲਈ ਇਸ ਸਹੂਲਤ ਦਾ ਲਾਹਾ ਲੈਣ।

LEAVE A REPLY

Please enter your comment!
Please enter your name here