ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਲਹਿਰਾਇਆ ਤਿਰੰਗਾ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਸ੍ਰੀ ਮੁਕਤਸਰ ਸਾਹਿਬ, 16 ਅਗਸਤ

ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਅੱਜ ਦੇਸ਼ ਭਗਤੀ ਦੇ ਜਜ਼ਬੇ ਅਤੇ ਪੂਰੇ ਉਤਸਾਹ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਦੇਸ਼ ਦੀ ਜੰਗ ਏ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਨਾਲ ਨਾਲ ਨਵੇਂ ਭਾਰਤ ਦੀ ਸਿਰਜਣਾ ਦਾ ਸੰਕਲਪ ਵੀ ਜ਼ਿਲਾ ਵਾਸੀਆਂ ਨੇ ਲਿਆ।

ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਝੰਡਾ ਲਹਿਰਾਇਆ ਅਤੇ ਇਸ ਵੇਲੇ ਜ਼ਿਲੇ ਦੇ ਐਸ.ਐਸ.ਪੀ. ਮਨਜੀਤ ਸਿੰਘ ਢੇਸੀ, ਜ਼ਿਲਾ ਅਤੇ ਸ਼ੈਸਨ ਜੱਜ ਸੁਖਵਿੰਦਰ ਕੌਰ ਵੀ ਹਾਜਰ ਸਨ।

ਝੰਡਾ ਲਹਿਰਾਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਪ੍ਰੇਡ ਦਾ ਨੀਰਿਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੇਸ਼ ਦੀ ਅਜਾਦੀ ਦੇ ਸੰਘਰਸ਼ ਵਿਚ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸਿਜਦਾ ਕੀਤਾ। ਉਨਾਂ ਨੇ ਕਿਹਾ ਕਿ ਇਹ ਦਿਨ ਸਾਨੂੰ ਸਾਡੇ ਅਜਾਦੀ ਘੁਲਾਟੀਆਂ ਵੱਲੋਂ ਲਏ ਸੁਪਨਿਆਂ ਨੂੰ ਸੱਚ ਕਰਨ ਦਾ ਪ੍ਰਣ ਲੈਣ ਲਈ ਵੀ ਪ੍ਰੇਰਿਤ ਕਰਦਾ ਹੈ।

ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਲੋਕਾਂ ਦੀ ਭਲਾਈ ਲਈ ਵੱਖ ਵੱਖ ਯੋਜਨਾਵਾਂ ਬਣਾ ਕੇ ਲਾਗੂ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਹੁਲਤਾਂ ਮੁਹਈਆ ਕਰਵਾਈਆਂ ਜਾ ਸਕਨ। ਉਨਾਂ ਨੇ ਕਿਹਾ ਕਿ 20 ਅਗਸਤ ਨੂੰ ਸ਼ੁਰੂ ਹੋਣ ਜਾ ਰਹੀ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਦੇ 2.10 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਦੇ ਸਿਹਤ ਬੀਮੇ ਦੀ ਸਹੁਲਤ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਮਨਾਉਣ ਦਾ ਸੁਭਾਗ ਆਪਣੇ ਜੀਵਨ ਵਿਚ ਪ੍ਰਾਪਤ ਹੋ ਰਿਹਾ ਹੈ। ਇਸ ਮੌਕੇ ਉਨਾਂ ਨੇ ਕਿਹਾਕਿ ਰਾਜ ਸਰਕਾਰ ਸੂਬੇ ਦੇ ਹਰ ਪਿੰਡ ਵਿਚ 550 550 ਪੌਦੇ ਲਗਾ ਰਹੀ ਹੈ। ਇਸੇ ਤਰਾਂ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਪਿੰਡਾਂ ਤੇ ਨਗਰਾਂ ਦੇ ਵਿਕਾਸ ਲਈ ਵੀ ਵਿਸੇਸ਼ ਪ੍ਰੋਜੈਕਟ ਉਲੀਕਿਆ ਗਿਆ ਹੈ।

ਕਿਸਾਨਾਂ ਨੂੰ ਰਾਜ ਦੇ ਅਰਥਚਾਰੇ ਦਾ ਅਧਾਰ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਰਾਜ ਸਰਕਾਰ ਵੱਲੋਂ 18000 ਤੋਂ ਵੱਧ ਕਿਸਾਨਾਂ ਦਾ 110 ਕਰੋੜ ਰੁਪਏ ਦਾ ਕਰਜ ਮਾਫ ਕੀਤਾ ਗਿਆ ਹੈ ਜਦ ਕਿ ਜ਼ਿਲੇ ਵਿਚ 78 ਹਜਾਰ ਤੋਂ ਵੱਧ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਬਿਜਲੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਰਾਜ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਡੈਪੋ ਪ੍ਰੋਗਰਾਮ ਅਤੇ ਬੱਡੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਅਤੇ ਨਸ਼ਾ ਪੀੜਤਾਂ ਦੇ ਮੁਫ਼ਤ ਇਲਾਜ ਦੀ ਸਹੁਲਤ ਦਿੱਤੀ ਗਈ ਹੈ।

ਸਿੱਖਿਆ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿਚ 6 ਸਮਾਰਟ ਸਕੂਲ ਬਣਾਉਣ ਤੋਂ ਇਲਾਵਾ 2 ਨਵੇਂ ਡਿਗਰੀ ਕਾਲਜ ਵਿਚ ਖੋਲੇ ਜਾ ਰਹੇ ਹਨ। ਇਸ ਤੋਂ ਬਿਨਾਂ ਪਟਿਆਲਾ ਵਿਚ ਖੇਡ ਯੁਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਪਰਾਲੀ ਪ੍ਰਬੰਧਨ ਲਈ ਰਾਜ ਵਿਚ 28 ਹਜਾਰ ਮਸ਼ੀਨਾਂ ਕਿਸਾਨਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਘਰ ਘਰ ਰੋਜਗਾਰ ਤਹਿਤ ਸਤੰਬਰ ਮਹੀਨੇ ਦੌਰਾਨ 5ਵਾਂ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ।

ਇਸ ਮੌਕੇ ਵੱਖ ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਖਿਡਾਰੀ, ਵਿਦਿਆਰਥੀ ਅਤੇ ਸਮਾਜ ਦੀਆਂ ਹੋਰ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਕੋਟਲੀ ਅਬਲੂ ਦੀ ਨਸ਼ਾ ਰੋਗੂ ਨਿਗਰਾਨ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ ਜੋ ਪਿੱਛਲੇ ਦਿਨ ਇਕ ਨਸ਼ਾ ਤਸਕਰ ਵੱਲੋਂ ਚਲਾਈ ਗੋਲੀ ਵਿਚ ਜ਼ਖਮੀ ਹੋ ਗਿਆ ਸੀ। ਸਤਨਾਮ ਸਿੰਘ ਆਪਣੇ ਪਿੰਡ ਦੀ ਟੀਮ ਦਾ ਸਰਗਰਮ ਮੈਂਬਰ ਹੈ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਲੱਗਿਆ ਹੋਇਆ ਹੈ।

ਇਸ ਤੋਂ ਪਹਿਲਾਂ ਹੋਈ ਪ੍ਰੇਡ ਦੀ ਅਗਵਾਈ ਡੀਐਸਪੀ ਐਚ ਹਿਨਾ ਗੁਪਤਾ ਨੇ ਕੀਤੀ।

ਇਸ ਮੌਕੇ ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਐਸ ਐਸ ਪੀ ਅਤੇ ਹੋਰ ਪਤਵੰਤਿਆਂ ਨੂੰ ਰੱਖੜੀਆਂ ਵੀ ਬੰਨੀਆਂ ਅਤੇ ਉਨਾਂ ਇੰਨਾਂ ਬੱਚੀਆਂ ਨੂੰ ਪੌਦੇ ਉਪਹਾਰ ਵਿਚ ਦਿੱਤੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ 550 ਪੌਦੇ ਵੀ ਇਸ ਮੌਕੇ ਵੰਡੇ ਗਏ। ਅਜਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਇਸ ਮੌਕੇ ਜ਼ਿਲਾਂ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਪ੍ਰੋਗਰਾਮ ਤਹਿਤ ਚੁਣੇ ਗਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਵੱਲੋਂ ਤਕਸੀਮ ਕੀਤੇ ਗਏ ਜਦ ਕਿ ਰੈਡ ਕ੍ਰਾਸ ਵੱਲੋਂ ਲੋੜਵੰਦ ਲੋਕਾਂ ਨੂੰ ਟ੍ਰਾਈ ਸਾਇਕਲਾਂ ਅਤੇ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਵੱਖ ਵੱਖ ਵਿਭਾਗਾਂ ਵੱਲੋਂ ਝਾਂਕੀਆਂ ਵੀ ਸਜਾਈਆਂ ਗਈਆਂ ਜਿੰਨਾਂ ਵਿਚੋਂ ਪੰਜਾਬ ਪੁਲਿਸ ਦੀ ਝਾਂਕੀ ਨੇ ਪਹਿਲਾ, ਜ਼ਿਲਾਂ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਝਾਂਕੇ ਨੇ ਦੂਜਾ ਅਤੇ ਸਿੱਖਿਆ ਵਿਭਾਗ ਦੀ ਝਾਂਕੀ ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਐਚ.ਐਸ. ਸਰਾਂ, ਐਸ.ਪੀ. ਗੁਰਮੇਲ ਸਿੰਘ ਧਾਲੀਵਾਲ, ਐਸ.ਡੀ.ਐਮ. ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ ਜਨਰਲ ਵੀਰਪਾਲ ਕੌਰ, ਕਾਂਗਰਸ ਦੇ ਜ਼ਿਲਾ ਪ੍ਰਧਾਨ ਹਰਚਰਨ ਸਿੰਘ ਬਰਾੜ, ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ, ਜਗਜੀਤ ਸਿੰਘ ਹਨੀ ਫੱਤਣਵਾਲਾ, ਗੁਰਸੰਤ ਸਿੰਘ ਬਰਾੜ, ਸਿਮਰਨਜੀਤ ਸਿੰਘ ਭੀਨਾ ਬਰਾੜ, ਭਿੰਦਰ ਸ਼ਰਮਾ, ਕਰਨਵੀਰ ਸਿੰਘ ਇੰਦੋਰਾ, ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ, ਜ਼ਿਲਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here