ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ 24 ਦਸੰਬਰ:: ਬਠਿੰਡਾ ਸਹਿਕਾਰੀ ਬੈਂਕ ਦੀ ਚੋਣ ਵਿਚ ਕਾਂਗਰਸ ਆਗੂਆਂ ਟਹਿਲ ਸਿੰਘ ਸੰਧੂ ਸਪੁੱਤਰ ਕਰਤਾਰ ਸਿੰਘ, ਗੁਰਭਗਤ ਸਿੰਘ ਬੀੜ ਬਹਿਮਣ ਸਪੁੱਤਰ ਸਤਨਾਮ ਸਿੰਘ, ਸੁਖਦੀਪ ਸਿੰਘ ਭਿੰਡਰ, ਹਰਮਨ ਵੀਰ ਸਿੰਘ ਸਪੁੱਤਰ ਗੁਰਪ੍ਰੀਤ ਸਿੰਘ ਕਾਂਗੜ,ਨਵਤੇਜ ਸਿੰਘ ਸਪੁੱਤਰ ਕਾਕੂ ਸਿੰਘ ,ਰਾਜਬੀਰ ਸਿੰਘ ਸਪੁੱਤਰ ਦਰਸ਼ਨ ਸਿੰਘ ,ਜਗਸੀਰ ਸਿੰਘ ਸਪੁੱਤਰ ਹਰਦਮ ਸਿੰਘ ,ਕੌਰ ਸਿੰਘ ਸਪੁੱਤਰ ਅਜਮੇਰ ਸਿੰਘ ,ਅਮਰਜੀਤ ਸਿੰਘ ਸਪੁੱਤਰ ਬਲਵਿੰਦਰ ਸਿੰਘ ਨੇ ਬਤੌਰ ਕਾਂਗਰਸ ਉਮੀਦਵਾਰ ਆਪਣੇ ਆਪਣੇ ਜ਼ੋਨ ਵਿਚੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ !

ਚੋਣ ਵਿਚ ਵਿਰੋਧੀ ਧਿਰ ਨੂੰ ਨਾਮਜ਼ਦਗੀ ਕਾਗਜ਼ ਨਹੀਂ ਭਰਨ ਦਿਤੇ: ਗੁਰਪ੍ਰੀਤ ਮਲੂਕਾ

ਸਹਿਕਾਰੀ ਬੈਂਕ ਬਠਿੰਡਾ ਦੀ ਮੈਨੇਜਮੈਂਟ ਤੇ ਕਬਜਾ ਜਮਾਉਣ ਦੇ ਯਤਨ ਵਜੋਂ ਹਾਕਮ ਧਿਰ ਨੇ ਸਰਕਾਰੀ ਮਸ਼ੀਨਰੀ ਦੀ ਮੱਦਦ ਨਾਲ ਵਿਰੋਧੀ ਧਿਰ ਨੂੰ ਨਾਮਜਦਗੀ ਕਾਗਜ ਦਾਖ਼ਲ ਨਹੀਂ ਕਰਨ ਦਿੱਤੇ। ਇਹ ਦੋਸ਼ ਲਾਉਂਦਿਆਂ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਮਲੂਕਾ ਨੇ ਇਨਸਾਫ ਲਈ ਹਾਈਕੋਰਟ ਦੇ ਦਰ ਤੇ ਦਸਤਕ ਕਰਨ ਦਾ ਐਲਾਨ ਕੀਤਾ ਹੈ।

ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਦੱਸਿਆ ਕਿ ਬੀਤੇ ਕੱਲ ਚੋਣ ਅਮਲ ਵਿੱਚ ਭਾਗ ਲੈਣ ਲਈ ਉਹਨਾਂ ਦੇ ਸਮਰਥਕਾਂ ਨੇ ਸਹਿਕਾਰੀ ਸੁਸਾਇਟੀਆਂ ਦੇ ਜੋ ਮਤੇ ਬੈਂਕ ਦੇ ਹੈੱਡਕੁਆਟਰ ਵਿਖੇ ਜਮਾਂ ਕਰਵਾਏ ਸਨ, ਉਹਨਾਂ ਨੂੰ ਖੁਰਦ ਬਰੁਦ ਕਰ ਦਿੱਤਾ। ਅੱਜ ਜਦ ਅਕਾਲੀ ਦਲ ਦੇ ਉਮੀਦਵਾਰ ਆਪਣੇ ਨਾਮਜਦਗੀ ਪਰਚੇ ਦਾਖ਼ਲ ਕਰਵਾਉਣ ਲਈ ਆਏ ਤਾਂ ਇਹ ਦੇਖ ਕੇ ਹੈਰਾਨ ਰਹਿ ਗਏ, ਕਿ ਭਾਰੀ ਪੁਲਿਸ ਫੋਰਸ ਨੂੰ ਬੈਂਕ ਦੇ ਕੇਂਦਰੀ ਦਫ਼ਤਰ ਦੀ ਜਬਰਦਸਤ ਨਾਕਾਬੰਦੀ ਕੀਤੀ ਹੋਈ ਸੀ।

ਗੁਰਪ੍ਰੀਤ ਮਲੂਕਾ ਦੇ ਦੋਸ਼ ਅਨੁਸਾਰ ਜਿਉਂ ਹੀ ਅਕਾਲੀ ਉਮੀਦਵਾਰਾਂ ਨੇ ਬੈਂਕ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਤਾਂ ਇੇੱਕ ਐੱਸ ਪੀ ਦੀ ਅਗਵਾਈ ਹੇਠਲੀ ਪੁਲਿਸ ਨੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜਤ ਨਾ ਦਿੱਤੀ। ਨਤੀਜੇ ਵਜੋਂ ਉਹ ਆਪਣੇ ਕਾਗਜ ਦਾਖ਼ਲ ਨਹੀਂ ਕਰ ਸਕੇ। ਇਸ ਵਰਤਾਰੇ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਮਲੂਕਾ ਨੇ ਕਿਹਾ ਕਿ ਉਹ ਇਨਸਾਫ ਦੀ ਪ੍ਰਾਪਤੀ ਲਈ ਹਾਈਕੋਰਟ ਵਿਖੇ ਪਟੀਸਨ ਦਾਇਰ ਕਰਨਗੇ। ਸ੍ਰੀ ਮਲੂਕਾ ਨੇ ਖਦਸ਼ਾ ਪ੍ਰਗਟ ਕੀਤਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਹਾਕਮ ਧਿਰ ਡਿਫਾਲਟਰ ਸੁਸਾਇਟੀਆਂ ਨਾਲ ਸਬੰਧਤ ਕਾਂਗਰਸੀ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਚੁਣੇ ਕਰਾਰ ਦੇਣ ਲਈ ਯਤਨਸ਼ੀਲ ਹੈ, ਜੋ ਬੈਂਕ ਲਈ ਨੁਕਸਾਨਦੇਹ ਸਾਬਤ ਹੋਵੇਗਾ।

ਜਦ ਉਹਨਾਂ ਨੂੰ ਇਹ ਸੁਆਲ ਕੀਤਾ ਕਿ ਜਿਹਨਾਂ ਪੁਲਿਸ ਤੇ ਸਿਵਲ ਅਫ਼ਸਰਾਂ ਦੀ ਦੁਰਵਰਤੋਂ ਆਪਣੀ ਹਕੂਮਤ ਵੇਲੇ ਅਕਾਲੀ ਦਲ ਵੱਲੋਂ ਕੀਤੀ ਜਾਂਦੀ ਸੀ, ਕਿਉਂਕਿ ਵੱਖ ਵੱਖ ਜਿਲਿਆਂ ਵਿੱਚ ਹੁਣ ਵੀ ਉਹੋ ਹੀ ਅਫ਼ਸਰ ਤਾਇਨਾਤ ਹਨ, ਇਸਦਾ ਇਹ ਮਤਲਬ ਤਾਂ ਨਹੀਂ ਕਿ ਦੋਵਾਂ ਧਿਰਾਂ ਨੂੰ ਪ੍ਰਸਾਸਨਿਕ ਮਸ਼ੀਨਰੀ ਦਾ ਰਾਜਸੀਕਰਨ ਕਰਕੇ ਰੱਖ ਦਿੱਤਾ ਹੈ, ਤਾਂ ਉਹਨਾਂ ਦਾ ਉੱਤਰ ਸੀ ਕਿ ਸਮਝ ਨਹੀਂ ਆਉਂਦੀ ਐੱਸ ਪੀ ਐੱਚ ਹੁੰਦਿਆਂ ਜਿਸ ਪੁਲਿਸ ਅਫ਼ਸਰ ਦੀ ਛਵੀਂ ਇਮਾਨਦਾਰ ਅਤੇ ਨਿਰਪੱਖ ਅਫ਼ਸਰ ਵਾਲੀ ਹੁੰਦੀ ਸੀ, ਐੱਸ ਐੱਸ ਪੀ ਲਗਦਿਆਂ ਹੀ ਉਸਦੀ ਕਾਰਜ ਪ੍ਰਣਾਲੀ ਵਿੱਚ ਕਥਿਤ ਵਿਗਾੜ ਕਿਵੇਂ ਆ ਗਿਆ। ਇਸ ਮੌਕੇ ਕਈ ਅਕਾਲੀ ਆਗੂ ਹਾਜ਼ਰ ਸਨ ਜਿਨ੍ਹਾਂ ਵਿਚ ਜਸਬੀਰ ਸਿੰਘ ਬਰਾੜ  ਸਾਬਕਾ ਚੇਅਰਮੈਨ ਦਾ ਨਾਮ ਵਰਨਣਯੋਗ ਹੈ!

ਅੱਜ ਬੈਂਕ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਸੀ ਅਤੇ ਅਕਾਲੀ ਆਗੂਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਨਾਮਜ਼ਦਗੀ ਕਾਗਜ਼ ਭਰਨ ਦਿਤੇ ਗਏ, ਇਸ ਹਾਲਤ ਵਿਚ ਸਾਰੇ ਕਾਂਗਰਸੀ ਉਮੀਦਵਾਰਾਂ ਨੂੰ ਨਿਰਵਿਰੋਧ ਜਿਤੇ ਐਲਾਨ ਕੀਤਾ ਜਾ ਸਕਦਾ ਹੈ!  ਇਸ ਸੰਬੰਧ ਵਿਚ ਕਿਸੇ ਬੈਂਕ ਅਧਿਕਾਰੀ ਜਾ ਚੋਣ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਜਾ ਸਕੀ !

LEAVE A REPLY

Please enter your comment!
Please enter your name here