ਅੱਜ ਦੇ ਲਾ-ਮਿਸਾਲ ਇਕੱਠਾਂ ’ਚ ਲੱਡੂਆਂ ਦੀ ਤੋਲ-ਤੁਲਾਈ ਨੇ ਜ਼ੋਰ ਫੜ੍ਹਿਆ 

ਅੰਮ੍ਰਿਤ ਪਾਲ ਸਿੰਘ ਸਿੱਧੂ

ਬਠਿੰਡਾ, 15 ਮਈ: ਵਿਧਾਨ ਸਭਾ ਹਲਕੇ ਮਾਨਸਾ ਅਤੇ ਮੌੜ ’ਚ ਅੱਜ ਆਮ ਆਦਮੀ ਪਾਰਟੀ ਦੇ ਚੋਣ ਜਲਸੇ ਇਕੱਠਾਂ ਦੇ ਪੱਖ ਤੋਂ ਬੇਹੱਦ ਪ੍ਰਭਾਵਸ਼ਾਲੀ ਰਹੇ। ਪਿਛਲੇ ਦਿਨੀਂ ਕਾਂਗਰਸ ਵਿੱਚੋਂ ‘ਆਪ ਵਿੱਚ ਸ਼ਾਮਿਲ ਹੋਏ ਨੌਜਵਾਨ ਆਗੂ ਚੁਸਪਿੰਦਰ ਚਾਹਲ ਅੱਜ ਬਠਿੰਡਾ ਪਾਰਲੀਮਾਨੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਮੋਢੇ ਨਾਲ ਮੋਢਾ ਜੋੜੀ ਦਿਖਾਈ ਦਿੱਤੇ। ਚਾਹਲ ਦੀ ਅਗਵਾਈ ਵਿੱਚ ਅੱਜ ਮਾਨਸਾ ’ਚ ਹੋਈਆਂ ਲੋਕ-ਮਿਲਣੀਆਂ ਵਿੱਚ ਲੋਕਾਂ ਦਾ ਆਪ ਮੁਹਾਰੇ ਜੁੜਿਆ ਉਤਸ਼ਾਹ ਸਾਰੇ ਵੱਟਾਂ ਬੰਨੇ ਤੋੜ ਗਿਆ। ਇਕ ਦਰਜਨ ਤੋਂ ਵੱਧ ਵਾਰ ਖੁੱਡੀਆਂ ਨੂੰ ਅੱਜ ਲੱਡੂਆਂ ਨਾਲ ਤੋਲਿਆ ਗਿਆ।

ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮਾਨਸਾ ਸ਼ਹਿਰ ਵਿੱਚ ਅਤੇ ਅਸੰਬਲੀ ਹਲਕਾ ਮੌੜ ਦੇ ਪਿੰਡ ਰਾਮਨਗਰ, ਮੰਡੀ ਖੁਰਦ, ਹਰਕਿਸ਼ਨਪੁਰਾ, ਨੰਦਗੜ੍ਹ ਕੋਟੜਾ, ਦੌਲਤਪੁਰਾ, ਗਿੱਲ ਖੁਰਦ, ਝੰਡੂ ਕੇ, ਮਾਨਸਾ ਖੁਰਦ, ਰਾਏਖਾਨਾ, ਮਾਣਕਖਾਨਾ, ਚਨਾਰਥਲ, ਗਹਿਰੀ ਬਾਰਾਂ ਸਿੰਗੀ, ਘਸੋ ਖਾਨਾ, ਭਾਈ ਬਖਤੌਰ, ਕੋਟ ਭਾਰਾ ਸਮੇਤ ਕਈ ਪਿੰਡਾਂ ’ਚ ਲੋਕ ਮਿਲਨੀਆਂ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਸਿਰਫ ਆਮ ਆਦਮੀ ਪਾਰਟੀ ਹੀ ਹੈ, ਪੰਜਾਬ ਦੇ ਹਿਤਾਂ ਦੀ ਲੜਾਈ ਲੜ ਰਹੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਪਣੀ ਹੋੋਂਦ ਬਚਾਉਣ ਲਈ ਹਾਰੀ ਹੋਈ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੁੱਟੀ ਅੱਖ ਨਹੀਂ ਭਾ ਰਹੀ ਅਤੇ ਆਨੇ-ਬਹਾਨੇ ਸਰਕਾਰ ਦੀਆਂ ਲੱਤਾਂ ਖਿੱਚਣ ਵਾਲੀਆਂ ਕਾਰਵਾਈਆਂ ਕਰ ਰਹੇ ਹਨ। ਸ੍ਰੀ ਖੁੱਡੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ’ਚ 13-0 ਕਰ ਦਿਓ, ਫਿਰ ਵੇਖਿਓ ਪੰਜਾਬ ਦੇ ਫੰਡਾਂ ’ਤੇ ਦਾਬਾ ਮਾਰੀ ਸੈਂਟਰ ਕਿਵੇਂ ਫੰਡ ਜਾਰੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਹਲਕੇ ਦੀ ਅਗਵਾਈ ਕਰਦਿਆਂ 15 ਸਾਲ ਹੋ ਗਏ ਹਨ, ਪਰ  ਕੇਂਦਰ ਵਿੱਚ ਫੂਡ ਪ੍ਰੋਸੈਸਿੰਗ ਮਨਿਸਟਰ ਹੁੰਦਿਆਂ ਹੋਇਆਂ ਵੀ ਪੰਜਾਬ ਦਾ ਕੱਖ ਭਲਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਟੱਬਰ ਨੇ ਕਿਸਾਨਾਂ ਕੋਲ ਝੂਠ ਬੋਲ ਕੇ, ਉਨ੍ਹਾਂ ਗੁੰਮਰਾਹ ਕਰਨ ਦਾ ਡਿਪਲੋਮਾ ਕੀਤਾ ਹੋਇਆ ਹੈ। ਪਹਿਲਾਂ ਇਹ ਕਾਲੇ ਖੇਤੀ ਕਾਨੂੰਨਾਂ ਦੀ ਉਸਤਤ ’ਚ ਕਸੀਦੇ ਕੱਢਦੇ ਰਹੇ ਅਤੇ ਹੁਣ ਮੌਸਮੀ ਕਰੋਪੀ ਨਾਲ ਮਰੀਆਂ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਦਾ ਪ੍ਰਚਾਰ ਕਰਕੇ ਮਾਨ ਸਰਕਾਰ ਦੀ ਭੰਡੀ ਪ੍ਰਚਾਰ ਕਰ ਸਨ ਪਰ ਬੀਤੇ ਦਿਨ ਮੁਆਵਜ਼ਾ ਵੀ ਜਾਰੀ ਹੋ ਗਿਆ ਅਤੇ ਹੁਣ ਇਹ ਟੱਬਰ ਛਿੱਥਾ ਹੋਇਆ ਮੂੰਹ ਲੁਕਾਉਂਦਾ ਫਿਰ ਰਿਹਾ ਹੈ।

ਇਨ੍ਹਾਂ ਚੋਣ ਰੈਲੀਆਂ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਵੀ ਸੰਬੋਧਨ ਕਰਦਿਆਂ ਹਲਕੇ ਦੇ ਵਿਕਾਸ ਲਈ ਸ੍ਰੀ ਖੁੱਡੀਆਂ ਨੂੰ ਕਾਮਯਾਬ ਕਰਨ ਲਈ ਵੋਟਰਾਂ ਨੂੰ ਅਪੀਲ ਕੀਤੀ। ਚੁਸਪਿੰਦਰ ਚਾਹਲ ਨੇ ਮਾਨਸਾ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੌਕੇ ’ਤੇ ਮੌਜੂਦ ਸ੍ਰੀ ਖੁੱਡੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਬਠਿੰਡਾ ਸੀਟ ਤੋਂ 2 ਲੱਖ ਦੇ ਫ਼ਰਕ ਨਾਲ ਜਿੱਤ ਦਰਜ ਕਰਵਾ ਕੇ ਇਤਿਹਾਸ ਸਿਰਜਣਗੇ। ਸ੍ਰੀ ਚਾਹਲ ਨੇ ਕਿਹਾ ਕਿ ਕੋਈ ਵੀ ਵਿਰੋਧੀ ਉਮੀਦਵਾਰ  ਖੁੱਡੀਆਂ ਦੇ ਨੇੜੇ-ਤੇੜੇ ਵੀ ਨਹੀਂ, ਸਿਰਫ ਫੜ੍ਹਾਂ ਹੀ ਮਾਰੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here