ਆਪਣਾ ਅਤੇ ਪੇਇੰਗ ਗੈਸਟਾਂ ਦਾ ਪੂਰਾ ਵੇਰਵਾ ਥਾਣੇ ਵਿਚ ਦਰਜ ਕਰਵਾਉਣਾ ਲਾਜ਼ਮੀ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਕਪੂਰਥਲਾ, 4 ਜੁਲਾਈ
ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਡੀ. ਪੀ. ਐਸ ਖਰਬੰਦਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਕਪੂਰਥਲਾ ਵਿਚ ਹਰੇਕ ਪੇਇੰਗ ਗੈਸਟ ਦਾ ਮਾਲਕ ਆਪਣੇ ਪੀ. ਜੀ ਅਕੋਮੋਡੇਸ਼ਨ ਵਿਚ ਸੀ. ਸੀ. ਟੀ. ਵੀ ਕੈਮਰੇ ਲਗਾਉਣ ਅਤੇ ਚਾਲੂ ਹਾਲਤ ਵਿਚ ਰੱਖਣ ਦਾ ਪਾਬੰਦ ਹੋਵੇਗਾ ਅਤੇ ਕੈਮਰਿਆਂ ਦੀ ਰਿਕਾਰਡਿੰਗ ਦਾ ਘੱਟੋ-ਘੱਟ ਇਕ ਮਹੀਨੇ ਦਾ ਬੈਕਅੱਪ ਰੱਖੇਗਾ।
ਇਸ ਤੋਂ ਇਲਾਵਾ ਪੇਇੰਗ ਗੈਸਟ ਚਲਾਉਣ ਵਾਲਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਉਸ ਦੇ ਪੀ. ਜੀ ਅਕੋਮੋਡੇਸ਼ਨ ਵਿਚ ਰਹਿ ਰਹੇ ਪੇਇੰਗ ਗੈਸਟ ਦਾ ਵੇਰਵਾ ਭਰ ਕੇ ਆਪਣੇ ਨਜ਼ਦੀਕੀ ਪੁਲਿਸ ਥਾਣੇ/ਚੌਕੀ ਵਿਚ ਤੁਰੰਤ ਕਰਜ ਕਰਾਉਣ ਦਾ ਪਾਬੰਦ ਹੋਵੇਗਾ, ਜਿਸ ਵਿਚ ਪੇਇੰਗ ਗੈਸਟ ਚਲਾਉਣ ਵਾਲੇ ਮਾਲਕ ਦਾ ਨਾਮ, ਪਤਾ, ਮੋਬਾਈਲ ਨੰਬਰ, ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ ਦੇਣਾ ਲਾਜ਼ਮੀ ਹੋਵੇਗਾ।
ਇਸੇ ਤਰਾਂ ਇਸ ਪ੍ਰੋਫਾਰਮੇ ਵਿਚ ਪੇਇੰਗ ਗੈਸਟ ਦਾ ਨਾਮ, ਮੋਬਾਈਲ ਨੰਬਰ, ਪੜਾਈ ਜਾਂ ਕੰਮ ਵਾਲੀ ਸੰਸਥਾ ਦਾ ਨਾਮ, ਪਤਾ ਅਤੇ ਉਥੇ ਪੜਨ/ਕੰਮ ਕਰਨ ਦਾ ਸਬੂਤ, ਕਿਸ ਮਿਤੀ ਤੋਂ ਪੀ. ਜੀ ਵਿਚ ਰਹਿ ਰਿਹਾ ਹੈ, ਪੱਕਾ ਰਿਹਾਇਸ਼ੀ ਪਤਾ ਅਤੇ ਉਸ ਦਾ ਆਧਾਰ ਕਾਰਡ ਜਾਂ ਕੋਈ ਹੋਰ ਫੋਟੋ ਪਹਿਚਾਣ ਪੱਤਰ ਦਾ ਫੋਟੋ ਕਾਪੀ ਸਮੇਤ ਵੇਰਵਾ, ਜਿਸ ‘ਤੇ ਰਿਹਾਇਸ਼ੀ ਪਤਾ ਹੋਵੇ ਦੇਣਾ ਹੋਵੇਗਾ। ਇਹ ਹੁਕਮ 2 ਅਗਸਤ 2019 ਤੱਕ ਲਾਗੂ ਰਹਿਣਗੇ।



