ਡਿਪਟੀ ਕਮਿਸ਼ਨਰ ਨੇ ਜ਼ਿਲਾ ਸਿੱਖਿਆ ਅਫਸਰ ਨੂੰ ਦੋ ਦਿਨਾਂ ਦੇ ਅੰਦਰ ਜਾਂਚ ਕਰਨ ਦੇ ਦਿੱਤੇ ਆਦੇਸ਼
ਕਿਹਾ, ਜ਼ਿਲਾ ਪ੍ਰਸਾਸ਼ਨ ਵਲੋਂ ਵਿਦਿਆਰਥਣਾਂ ਦਾ ਕਰਵਾਇਆ ਜਾਵੇਗਾ ਮੁਫਤ ਇਲਾਜ
ਜ਼ਿਲਾ ਪ੍ਰਸਾਸ਼ਨ ਵਲੋਂ ਐਸ.ਡੀ.ਐਮ. ਨੇ ਸਰਕਾਰੀ ਹਸਪਤਾਲ ‘ਚ ਪੁੱਛਿਆ ਵਿਦਿਆਰਥਣਾਂ ਦਾ ਹਾਲ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਹੁਸ਼ਿਆਰਪੁਰ, 4 ਜੁਲਾਈ : ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਪਿੰਡ ਬੱਸੀ ਵਜੀਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਿਡ-ਡੇਅ-ਮੀਲ ਤਹਿਤ ਪਰੋਸੇ ਜਾ ਰਹੇ ਦੁਪਹਿਰ ਦੇ ਖਾਣੇ ਦੌਰਾਨ ਦੋ ਵਿਦਿਆਰਥਣਾਂ ਦੇ ਗਰਮ ਦਾਲ ਡੁੱਲਣ ਦੇ ਮਾਮਲੇ ਦੀ ਜਾਂਚ ਜ਼ਿਲਾ ਸਿੱਖਿਆ ਅਫ਼ਸਰ (ਸ) ਨੂੰ ਸੌਂਪ ਦਿੱਤੀ ਗਈ ਹੈ।
ਉਨਾਂ ਜ਼ਿਲਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਦੀ ਜਾਂਚ ਦੋ ਦਿਨਾਂ ਦੇ ਅੰਦਰ-ਅੰਦਰ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਘਟਨਾ ਦੇ ਜ਼ਿੰਮੇਵਾਰਾਂ ‘ਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਨਾਲ ਹੀ ਇਸ ਘਟਨਾ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਵਿਦਿਆਰਥਣਾਂ ਦਾ ਇਲਾਜ ਜ਼ਿਲਾ ਪ੍ਰਸਾਸ਼ਨ ਵਲੋਂ ਬਿਲਕੁੱਲ ਮੁਫ਼ਤ ਕਰਵਾਇਆ ਜਾਵੇਗਾ।
ਈਸ਼ਾ ਕਾਲੀਆ ਨੇ ਜ਼ਿਲੇ ਦੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਿਡ-ਡੇਅ-ਮੀਲ ਤਹਿਤ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਪੂਰੀ ਗੰਭੀਰਤਾ ਅਤੇ ਚੌਕਸੀ ਨਾਲ ਖੁਆਇਆ ਜਾਵੇ। ਉਨਾਂ ਕਿਹਾ ਕਿ ਜ਼ਿਆਦਾ ਗਰਮ ਖਾਣਾ ਨਾ ਪਰੋਸਿਆ ਜਾਵੇ ਅਤੇ ਇਸ ਸਬੰਧ ਵਿਚ ਕੀਤੀ ਗਈ ਲਾਪ੍ਰਵਾਹੀ ਬਿਲਕੁੱਲ ਸਹਿਣ ਨਹੀਂ ਕੀਤੀ ਜਾਵੇਗੀ।
ਉਧਰ ਜ਼ਿਲਾ ਪ੍ਰਸਾਸ਼ਨ ਵਲੋਂ ਐਸ.ਡੀ.ਐਮ ਹੁਸ਼ਿਆਰਪੁਰ ਸ਼੍ਰੀ ਅਮਿਤ ਸਰੀਨ ਨੇ ਸਰਕਾਰੀ ਹਸਪਤਾਲ ਵਿਖੇ ਦਾਖਲ ਦੋ ਵਿਦਿਆਰਥਣਾਂ (ਸਕੀਆਂ ਭੈਣਾਂ) ਦਾ ਹਾਲ-ਚਾਲ ਪੁੱਛਿਆ। ਉਨਾਂ ਵਿਦਿਆਰਥਣਾਂ ਅਤੇ ਉਨਾਂ ਦੇ ਪਰਿਵਾਰ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਉਨਾਂ ਦੇ ਨਾਲ ਹੈ ਅਤੇ ਵਿਦਿਆਰਥਣਾਂ ਦਾ ਇਲਾਜ ਬਿਲਕੁੱਲ ਮੁਫਤ ਕਰਵਾਇਆ ਜਾਵੇਗਾ। ਉਨਾਂ ਸਿਹਤ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਇਲਾਜ ਦੌਰਾਨ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ।



