ਪੰਜਾਬ ਦੇ ਪਟਵਾਰੀ ਕਰਨਗੇ ਕਿਸਾਨ ਯੋਜਨਾ ਦਾ ਬਾਈਕਾਟ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ, 14 ਜੁਲਾਈ 2019

ਪੰਜਾਬ ਭਰ ਦੇ ਮਾਲ ਪਟਵਾਰੀਆਂ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ਦੇ ਫਾਰਮ ਤਸਦੀਕ ਕਰਨ ਦੇ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ! ਇਸ ਸਕੀਮ ਦਾ ਐਲਾਨ ਮੋਦੀ ਸਰਕਾਰ ਵਲੋਂ ਪਿੱਛੇ ਜਿਹੇ ਕੀਤਾ ਗਿਆ ਸੀ i

ਇਸ ਸਕੀਮ ਰਾਹੀਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਸਾਲਾਨਾ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਕ ਕਿਸਾਨ ਵਜੋਂ ਉਸ ਨੂੰ ਕੇਂਦਰ ਸਰਕਾਰ ਦੀ ਇਸ ਸਕੀਮ ਅਧੀਨ ਛੇ ਹਜ਼ਾਰ ਦਾ ਵਿੱਤੀ ਲਾਭ ਮਿਲਣ ਦੀ ਵਿਵਸਥਾ ਕੀਤੀ ਗਈ ਹੈ।

ਲਾਭਪਾਤਰੀ ਕੋਲ ਖੇਤੀਯੋਗ ਜ਼ਮੀਨ ਹੋਣ ਸਬੰਧੀ ਤਸਦੀਕ ਪਟਵਾਰੀ ਨੇ ਕਰਨੀ ਹੁੰਦੀ ਹੈ ਪਰ ਪਟਵਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਪਟਵਾਰੀਆਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੈ, ਜਦਕਿ ਕੇਂਦਰ ਦੇ ਇਸ ਨਵੇਂ ਫੈਸਲੇ ਨਾਲ ਉਨ੍ਹਾਂ ’ਤੇ ਕੰਮ ਦਾ ਬੋਝ ਹੋਰ ਵਧ ਗਿਆ ਹੈ।

ਪਟਵਾਰੀਆਂ ਦੇ ਇਸ ਫੈਸਲੇ ਨਾਲ ਸਰਕਾਰੀ ਕੰਮਕਾਜ ਉਪਰ ਪਰਛਾਵਾਂ ਪੈਣਾ ਤਹਿ ਹੈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਈ ਮਹਿਕਮੇ ਪਹਿਲਾ ਹੀ ਕੰਮ ਦੀ ਰਫਤਾਰ ਸੁਸਤ ਹੋਣ ਕਾਰਣ ਆਮ ਲੋਕਾਂ ਦੀ ਨੁਕਤਾਚੀਨੀ ਦਾ ਸਾਮਣਾ ਕਰ ਰਹੇ ਹਨ ਜਿਨ੍ਹਾਂ ਵਿਚ ਉਚੇਚੇ ਤੌਰ ਤੇ ਪੁਲਿਸ ਵਿਭਾਗ , ਸਥਾਨਕ ਸਰਕਾਰ (ਨਗਰ ਨਿਗਮ) ਵਿਭਾਗ ਤੇ ਮਾਲ ਮਹਿਕਮਾ ਸ਼ਾਮਿਲ ਹਨ ! ਇੱਥੇ ਇਹ ਵਰਣਯੋਗ ਹੈ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ 178 ਅਸਾਮੀਆਂ ਵਿਰੁੱਧ 38 ਪਟਵਾਰੀ ਕੰਮ ਕਰ ਰਹੇ ਹਨ ਜਿਨ੍ਹਾਂ ਵਿਚੋਂ 28 ਅਗਲੇ ਸਾਲ ਰਿਟਾਇਰ ਹੋ ਜਾਣੇ ਤੇ ਸਿਰਫ 10 ਪਟਵਾਰੀ ਰਹਿ ਜਾਣੇ ਹਨ

ਦੀ ਰੈਵੇਨਿਊ ਪਟਵਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਮੋਹਣ ਸਿੰਘ ਭੇਡਪੁਰਾ ਨੇ ਮੋਬਾਈਲ ਫੋਨ ਉਪਰ ਦੱਸਿਆ  ਕਿ ਬਾਈਕਾਟ ਦਾ ਇਹ ਫ਼ੈਸਲਾ ਯੂਨੀਅਨ ਦੀ ਰਾਜ ਪੱਧਰੀ ਮੀਟਿੰਗ ਵਿਚ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਟਵਾਰੀਆਂ ਦੀਆਂ 4716 ਅਸਾਮੀਆਂ ’ਚੋਂ 2100 ਅਸਾਮੀਆਂ ਖਾਲੀ ਪਈਆਂ ਹਨ।

ਉਨ੍ਹਾਂ ਦੀ ਮੰਗ ਹੈ ਕਿ ਇਹ ਅਸਾਮੀਆਂ ਭਰ ਕੇ ਪਹਿਲਾਂ ਉਨ੍ਹਾਂ ’ਤੇ ਕੰਮ ਦਾ ਬੋਝ ਘਟਾਇਆ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸਕੀਮ ਅਧੀਨ ਪੰਜਾਬ ਭਰ ਵਿਚ ਕਿਸੇ ਵੀ ਕਿਸਾਨ ਦਾ ਫਾਰਮ ਤਸਦੀਕ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਕੀਮ ਦਾ ਲਾਭ ਲੈਣ ਲਈ ਸਬੰਧਤ ਕਿਸਾਨ ਨੂੰ ਆਪਣੇ ਹਲਕੇ ਦੇ ਪਟਵਾਰੀ ਤੋਂ ਇਹ ਤਸਦੀਕ ਕਰਵਾਉਣਾ ਜ਼ਰੂਰੀ ਹੈ ਕਿ ਉਸ ਕੋਲ ਖੇਤੀਬਾੜੀ ਵਾਲੀ ਜ਼ਮੀਨ ਹੈ।

LEAVE A REPLY

Please enter your comment!
Please enter your name here