ਪਿੰਡ ਦੀ ਵਿਕਾਸ ਯੋਜਨਾ ਭਾਰਤ ਸਰਕਾਰ ਦੇ ਪੋਰਟਲ ਤੇ ਹੋਵੇਗੀ ਅਪਲੋਡ

ਜੋ ਪਿੰਡ ਯੋਜਨਾ ਤਿਆਰ ਨਹੀਂ ਕਰੇਗਾ ਉਸਨੂੰ ਨਹੀਂ ਮਿਲਣਗੀਆਂ ਗ੍ਰਾਂਟਾਂ

ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਸ੍ਰੀ ਮੁਕਤਸਰ ਸਾਹਿਬ, 1 ਅਕਤੂਬਰ

ਸਾਡੀ ਯੋਜਨਾ ਸਾਡਾ ਵਿਕਾਸ ਦੇ ਟੀਚੇ ਨਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਹਰ ਇਕ ਪਿੰਡ ਦੇ ਵਿਕਾਸ ਲਈ ‘ਗ੍ਰਾਮ ਪੰਚਾਇਤ ਵਿਕਾਸ ਯੋਜਨਾ’ ਤਹਿਤ ਵਿੳਤਬੰਦੀ ਉਲੀਕੀ ਜਾਵੇਗੀ ਅਤੇ ਇਸੇ ਅਨੁਸਾਰ ਪਿੰਡਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ। ਇਹ ਜਾਣਕਾਰੀ ਇਸ ਨਵੇਂ ਪ੍ਰੋਗਰਾਮ ਸਬੰਧੀ ਕਰਵਾਈ ਇਕ ਸਿਖਲਾਈ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਨੇ ਦਿੱਤੀ।

ਉਨਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਗ੍ਰਾਮ ਸਭਾ ਦੀ ਸਮੂਲੀਅਤ ਨਾਲ ਬਣੀ ਵਿਕਾਸ ਯੋਜਨਾ ਭਾਰਤ ਸਰਕਾਰ ਦੇ ਪੋਰਟਲ ਤੇ ਅਪਲੋਡ ਕੀਤੀ ਜਾਵੇਗੀ ਅਤੇ ਜੋ ਪਿੰਡ ਅਜਿਹਾ ਨਹੀਂ ਕਰੇਗਾ ਉਸ ਨੂੰ ਭਾਰਤ ਸਰਕਾਰ ਦੇ ਵਿੱਤ ਕਮਿਸ਼ਨ ਰਾਹੀਂ ਮਿਲਣ ਵਾਲੀ ਗ੍ਰਾਂਟ ਨਹੀਂ ਮਿਲ ਸਕੇਗੀ।

ਉਨਾਂ ਨੇ ਸਮੂਹ ਵਿਭਾਗਾਂ ਨੂੰ ਇਹ ਯੋਜਨਾਬੰਦੀ ਉਲੀਕਣ ਦੀ ਹਦਾਇਤ ਕਰਦਿਆਂ ਸ਼ਖਤ ਤਾੜਨਾ ਕੀਤੀ ਕਿ ਇਸ ਕੰਮ ਵਿਚ ਕੋਈ ਵੀ ਕੁਤਾਹੀ ਸਬੰਧਤ ਖਿਲਾਫ ਸਖ਼ਤ ਵਿਭਾਗੀ ਕਾਰਵਾਈ ਦਾ ਕਾਰਨ ਬਣੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਐਚ.ਐਸ. ਸਰਾਂ ਨੇ ਆਖਿਆ ਕਿ ਇਸ ਯੋਜਨਾ ਦਾ ਟੀਚਾ ਪਿੰਡ ਦਾ ਸਮੁਚਿਤ ਭੌਤਿਕ, ਆਰਥਿਕ ਤੇ ਸਮਾਜਿਕ ਵਿਕਾਸ ਹੈ। ਉਨਾਂ ਨੇ ਕਿਹਾ ਕਿ ਪਿੰਡ ਦੇ ਉਪਲਬੱਧ ਆਰਥਿਕ ਸ਼ੋ੍ਰਤਾਂ ਦੀ ਪਹਿਚਾਣ ਕਰਦੇ ਹੋਏ ਯੋਜਨਾਬੰਦੀ ਕੀਤੀ ਜਾਣੀ ਹੈ।

ਇਹ ਕੰਮ ਗ੍ਰਾਮ ਪੰਚਾਇਤ ਦਾ ਪਲਾਨਿੰਗ ਯੁਨਿਟ ਕਰੇਗਾ ਜਿਸ ਵਿਚ ਸਰਪੰਚ, ਚਾਰ ਪੰਚ ਜਿੰਨਾਂ ਵਿਚੋਂ ਇਕ ਔਰਤ ਤੇ ਇਕ ਐਸ.ਸੀ. ਪੰਚ ਸਾਮਿਲ ਹੋਵੇਗਾ, ਸਵੈ ਸਹਾਇਤਾ ਸਮੂਹ, ਨਹਿਰੂ ਯੁਵਕ ਕੇਂਦਰ ਦਾ ਮੈਂਬਰ, ਏ.ਐਨ.ਐਮ. ਆਸ਼ਾ ਵਰਕਰ ਆਦਿ ਸ਼ਾਮਿਲ ਹੋਣਗੇ। ਇਹ ਪਲਾਨ ਗ੍ਰਾਮ ਸਭਾ ਦੇ ਇਜਲਾਸ ਵਿਚ ਪਾਸ ਕੀਤਾ ਜਾਵੇਗਾ।

ਇਹ ਪਲਾਨ ਬਣਾਉਣ ਮੌਕੇ ਪੰਚਾਇਤ ਆਪਣੇ ਆਰਥਿਕ ਵਸੀਲਿਆਂ ਦੀ ਪਹਿਚਾਣ ਕਰੇਗੀ ਅਤੇ ਫਿਰ ਹਲਾਤਾਂ ਦਾ ਵਿਸਲੇਸ਼ਣ ਕਰਦੇ ਹੋਏ ਪਲਾਨ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪ੍ਰਦੁਸ਼ਣ ਰਹਿਤ ਵਾਤਾਵਰਨ, ਪਾਣੀ ਦੀ ਸੰਭਾਲ, ਬਾਲ ਵਿਆਹ, ਬਾਲ ਮਜਦੂਰੀ ਖਿਲਾਫ ਚੇਤਨਾ, ਟੀਕਾਕਰਨ, ਸੰਸਥਾਗਤ ਜਣੇਪੇ ਆਦਿ ਸਬੰਧੀ ਜਾਗਰੁਕਤਾ ਪੈਦਾ ਕਰਨਾ ਵੀ ਇਸ ਯੋਜਨਾਬੰਦੀ ਦਾ ਹਿੱਸਾ ਹੋਵੇਗਾ।

ਇਸ ਯੋਜਨਾਬੰਦੀ ਵਿਚ 29 ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਪਿੰਡ ਅਤੇ ਇਸਦੇ ਲੋਕਾਂ ਦੇ ਵਿਕਾਸ ਨਾਲ ਸਬੰਧਤ ਕੋਈ ਵੀ ਪੱਖ ਛੱਡਿਆ ਨਹੀਂ ਗਿਆ ਹੈ।

ਪਿੰਡ ਵਾਸੀ ਆਨਲਾਈਨ ਜਾਣ ਸਕਣਗੇ ਕਿ ਕਿਸ ਦਿਨ ਹੋਵੇਗੀ ਗ੍ਰਾਮ ਸਭਾ

ਏ.ਡੀ.ਸੀ. ਵਿਕਾਸ ਸ: ਐਚ. ਐਸ. ਸਰਾਂ ਨੇ ਕਿਹਾ ਕਿ ਇਹ ਯੋਜਨਾਬੰਦੀ ਪੂਰੇ ਪਿੰਡ ਦੀ ਸਹਿਮਤੀ ਨਾਲ ਹੋਣੀ ਹੈ ਅਤੇ ਇਸ ਨੂੰ ਗ੍ਰਾਮ ਸਭਾ ਵਿਚ ਪਾਸ ਕੀਤਾ ਜਾਣਾ ਜਰੂਰੀ ਹੈ। ਉਨਾਂ ਨੇ ਕਿਹਾ ਕਿ ਕੋਈ ਵੀ ਪਿੰਡ ਵਾਸੀ ਆਪਣੇ ਪਿੰਡ ਵਿਚ ਹੋਣ ਵਾਲੇ ਆਮ ਸਭਾ ਦੇ ਇਜਲਾਸ ਦੀ ਮਿਤੀ ਆਨਲਾਈਨ ਪਤਾ ਕਰ ਸਕਦਾ ਹੈ। ਇਸ ਲਈ ਵੇਬਸਾਈਟ ਤੇ ਜਾ ਕੇ ਪਿੰਡ ਵਾਸੀ ਆਪਣੇ ਪਿੰਡ ਵਿਚ ਹੋਣ ਵਾਲੀ ਗ੍ਰਾਮ ਸਭਾ, ਪਿੰਡ ਦੀ ਯੋਜਨਾਬੰਦੀ ਤਿਆਰ ਕਰਨ ਲਈ ਲੱਗੇ ਸਰਕਾਰੀ ਅਮਲੇ ਆਦਿ ਸਬੰਧੀ ਸਮੂਚੀ ਜਾਣਕਾਰੀ ਹਾਸਲ ਕਰ ਸਕਦਾ ਹੈ।

 ਸਿਖਲਾਈ ਵਰਕਸ਼ਾਪ ਵਿਚ ਇਹ ਰਹੇ ਹਾਜਰ

ਜ਼ਿਲਾ ਪੱਧਰੀ ਸਿਖਲਾਈ ਵਰਕਸ਼ਾਪ ਵਿਚ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਤੋਂ ਇੰਦਰਜੀਤ ਸਿੰਘ, ਜ਼ਿਲਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਜੀਤ ਕੁਮਾਰ, ਜ਼ਿਲਾ ਰੋਜਗਾਰ ਅਫ਼ਸਰ ਕਰਮ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਸਵੰਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਹਾਂਡਾ, ਡਿਪਟੀ ਡਾਇਰੈਕਟਰ ਮੱਛੀ ਪਾਲਣ ਰਾਜਿੰਦਰ ਕਟਾਰੀਆ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here